Punjabi Comprehension-10/ ਪੰਜਾਬੀ ਬੋਧ-ਸ਼ਕਤੀ-10


ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ ਦੇ ਇਲਾਕਿਆਂ ਵਿਚ ਜ਼ਹਿਰੀਲੀ ਸ਼ਰਾਬ ਦਾ ਜੋ ਦੁਖਾਂਤ ਵਾਪਰਿਆ ਹੈ, ਉਹ ਬੇਹੱਦ ਦੁਖਦਾਈ ਹੈ। ਇਸ ਨਾਲ ਸਾਡੇ ਸਮਾਜ ਦੇ ਤੰਗੀਆਂ-ਤੁਰਸ਼ੀਆਂ ਵਿਚ ਫਸੇ ਲੋਕਾਂ ਦੀ ਤਸਵੀਰ ਵੀ ਉੱਘੜਦੀ ਹੈ। ਹੁਣ ਤੱਕ 104 ਵਿਅਕਤੀ ਜਾਨਾਂ ਗੁਆ ਚੁੱਕੇ ਹਨ। ਬਹੁਤ ਸਾਰੇ ਮੌਤ ਨਾਲ ਘੁਲ ਰਹੇ ਹਨ। ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਖ਼ਤਮ ਹੋ ਚੁੱਕੀ ਹੈ। ਇਨ੍ਹਾਂ ਵਿਚ ਜ਼ਿਆਦਾਤਰ ਮਿਹਨਤ ਮਜ਼ਦੂਰੀ ਕਰਨ ਵਾਲੇ ਦਿਹਾੜੀਦਾਰ ਜਾਂ ਆਰਥਿਕ ਚੱਕੀ ਵਿਚ ਪਿਸ ਰਹੇ ਲੋਕ ਹਨ, ਜਿਹੜੇ ਪਿੰਡਾਂ ਵਿਚ ਸ਼ਰ੍ਹੇਆਮ ਵਿਕਦੀ ਨਕਲੀ ਸ਼ਰਾਬ ਦਾ ਸੇਵਨ ਕਰਦੇ ਹਨ। ਉਹ 20 ਰੁਪਏ ਦੀ ਸ਼ਰਾਬ ਦੀ ਥੈਲੀ ਖ਼ਰੀਦਦੇ ਹਨ, ਜਿਸ ਵਿਚ ਮਿਥਾਈਲ ਅਲਕੋਹਲ ਅਤੇ ਪਾਣੀ ਦਾ ਮਿਸ਼ਰਨ ਹੁੰਦਾ ਹੈ।
ਸ਼ਰਾਬ ਵੇਚਣ ਵਾਲਿਆਂ ਵਲੋਂ ਭੱਠੀਆਂ 'ਤੇ ਦੇਸੀ ਸ਼ਰਾਬ ਤਿਆਰ ਕਰਨ ਦੀ ਥਾਂ 'ਤੇ ਇਸ ਨੂੰ ਫਟਾਫਟ ਤਿਆਰ ਕਰ ਲਿਆ ਜਾਂਦਾ ਹੈ ਅਤੇ ਫਿਰ ਗ਼ਰੀਬੀ ਨਾਲ ਭੰਨੇ ਮਜ਼ਦੂਰ ਲੋਕਾਂ ਦੇ ਗਲੇ ਵਿਚ ਉਤਾਰ ਦਿੱਤਾ ਜਾਂਦਾ ਹੈ। ਇਹ ਦੁਖਾਂਤ ਮਾਝੇ ਦੇ ਜ਼ਿਲ੍ਹਿਆਂ ਵਿਚ ਵਾਪਰਿਆ ਹੈ। ਸ਼ਰਾਬ ਦਾ ਇਹ ਧੰਦਾ ਚਿਰਾਂ ਤੋਂ ਇਸੇ ਤਰ੍ਹਾਂ ਨਿਰੰਤਰ ਚਲਦਾ ਆ ਰਿਹਾ ਹੈ। ਇਸ ਧੰਦੇ ਤੋਂ ਪੁਲਿਸ ਅਤੇ ਪ੍ਰਸ਼ਾਸਨ ਲਾਪਰਵਾਹ ਹੈ। ਦੂਸਰੇ ਸ਼ਬਦਾਂ ਵਿਚ ਇਹ ਉਸ ਦੇ ਨੱਕ ਹੇਠ ਚਲਦਾ ਹੈ। ਪ੍ਰਸ਼ਾਸਨ ਦੀਆਂ ਅੱਖਾਂ ਮੀਟੀਆਂ ਰਹਿੰਦੀਆਂ ਹਨ। ਇਹ ਗੱਲ ਨਹੀਂ ਕਿ ਪੁਲਿਸ ਤੇ ਆਬਕਾਰੀ ਵਿਭਾਗ ਨੂੰ ਇਸ ਦਾ ਪਤਾ ਨਹੀਂ ਹੁੰਦਾ। ਖੁਫ਼ੀਆ ਵਿਭਾਗ ਨੇ ਕੁਝ ਚਿਰ ਪਹਿਲਾਂ ਸਰਕਾਰ ਨੂੰ 500 ਤੋਂ ਵਧੇਰੇ ਤਸਕਰਾਂ ਦੀ ਇਕ ਸੂਚੀ ਭੇਜੀ ਸੀ, ਜੋ ਲਗਪਗ ਸਾਰੇ ਪੰਜਾਬ ਵਿਚ ਹੀ ਸਰਗਰਮ ਹਨ। ਇਨ੍ਹਾਂ ਦਾ ਕੰਮ ਆਪਣੇ ਬਣਾਏ ਤੰਤਰ ਰਾਹੀਂ ਲੋਕਾਂ ਨੂੰ ਸਸਤੀ ਨਾਜਾਇਜ਼ ਸ਼ਰਾਬ ਵੰਡਣੀ ਹੁੰਦਾ ਹੈ। ਸਰਕਾਰ ਨੇ ਸਮੇਂ-ਸਮੇਂ 'ਤੇ ਮਿਲਦੀਆਂ ਅਜਿਹੀਆਂ ਰਿਪੋਰਟਾਂ 'ਤੇ ਸਖ਼ਤੀ ਨਾਲ ਅਮਲ ਕਿਉਂ ਨਹੀਂ ਕੀਤਾ, ਇਸ ਸਬੰਧੀ ਵੀ ਕੋਈ ਵੱਡੇ ਰਾਜ਼ ਵਾਲੀ ਗੱਲ ਨਹੀਂ ਰਹੀ। ਹੇਠਲੇ ਪੱਧਰ 'ਤੇ ਪੁਲਿਸ, ਆਬਕਾਰੀ ਵਿਭਾਗ ਅਤੇ ਸਥਾਨਕ ਸਿਆਸਤਦਾਨਾਂ ਦੀ ਗੰਢ-ਤੁੱਪ ਹੁੰਦੀ ਹੈ। ਜ਼ਿਲ੍ਹਾ ਪੱਧਰ 'ਤੇ ਪੁਲਿਸ ਅਧਿਕਾਰੀ ਸਿਆਸਤਦਾਨਾਂ ਦੀ ਸਿਫ਼ਾਰਸ਼ 'ਤੇ ਹੀ ਲਗਦੇ ਹਨ। ਸਾਰੇ ਹੀ ਆਪੋ-ਆਪਣੀ ਥਾਂ 'ਤੇ ਆਪਣੀ ਹੈਸੀਅਤ ਮੁਤਾਬਿਕ ਇਸ ਧੰਦੇ ਵਿਚ ਹੱਥ ਰੰਗਦੇ ਹਨ। ਜੇਕਰ ਅਜਿਹੀ ਗੱਲ ਨਾ ਹੋਵੇ ਤਾਂ ਪਿਛਲੇ 4 ਦਿਨਾਂ ਵਿਚ ਹੀ ਪੁਲਿਸ ਵਲੋਂ ਛਾਪੇਮਾਰੀ ਦੌਰਾਨ 150 ਦੇ ਕਰੀਬ ਅਜਿਹੇ ਧੰਦਿਆਂ ਵਾਲੀਆਂ ਥਾਵਾਂ ਨੂੰ ਕਿਵੇਂ ਪਛਾਣ ਲਿਆ ਗਿਆ ਅਤੇ ਸੈਂਕੜੇ ਹੀ ਲੋਕਾਂ ਨੂੰ ਕਿਸ ਤਰ੍ਹਾਂ ਗ੍ਰਿਫ਼ਤਾਰ ਕਰ ਲਿਆ ਗਿਆ? ਇਹ ਗੱਲ ਵੀ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਅਜਿਹੀਆਂ ਪੁਲਿਸ ਕਾਰਵਾਈਆਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਹਨ, ਕਿਉਂਕਿ ਕੁਝ ਕੁ ਲੋਕਾਂ ਤੋਂ ਬਗੈਰ ਇਨ੍ਹਾਂ ਸਾਰੇ ਦੋਸ਼ੀਆਂ ਨੇ ਹੀ ਦੇਰ-ਸਵੇਰ ਬਾਹਰ ਆ ਕੇ ਲੋਕਾਂ ਨੂੰ ਜ਼ਹਿਰ ਵਰਤਾਉਣ ਦੇ ਆਪਣੇ ਇਸ ਧੰਦੇ ਵਿਚ ਫਿਰ ਤੋਂ ਲੱਗ ਜਾਣਾ ਹੈ।
ਅੱਜ ਅਕਾਲੀ ਥਾਂ ਪੁਰ ਥਾਂ ਵਿਖਾਵੇ ਕਰਦੇ ਹੋਏ ਕਾਂਗਰਸੀਆਂ 'ਤੇ ਦੋਸ਼ ਲਗਾ ਰਹੇ ਹਨ ਪਰ ਸ਼ਾਇਦ ਉਨ੍ਹਾਂ ਨੂੰ ਇਹ ਯਾਦ ਨਹੀਂ ਰਿਹਾ ਕਿ ਉਨ੍ਹਾਂ ਦੇ ਰਾਜ ਸਮੇਂ ਵੀ ਇਹ ਧੰਦਾ ਨਿਰੰਤਰ ਚਲਦਾ ਰਿਹਾ ਸੀ। ਇਹ ਕਿਸੇ ਇਕ ਪਾਰਟੀ ਦੀ ਦੇਣ ਨਹੀਂ ਹੈ। ਇਹ ਪ੍ਰਚੱਲਿਤ ਹੋ ਚੁੱਕੀ ਸਮੇਂ ਦੀ ਸਿਆਸਤ ਦਾ ਹੀ ਉੱਭਰਿਆ ਹੋਇਆ ਭਿਆਨਕ ਤੇ ਕਰੂਪ ਚਿਹਰਾ ਹੈ। ਵਾਪਰ ਰਹੇ ਇਸ ਦੁਖਦਾਈ ਕਾਂਡ ਨੇ ਸਮੇਂ ਦੀ ਸਰਕਾਰ ਦੇ ਅਕਸ ਨੂੰ ਹੋਰ ਵੀ ਧੁੰਦਲਾ ਕਰ ਕੇ ਰੱਖ ਦਿੱਤਾ ਹੈ। ਵਾਪਰ ਰਹੇ ਅਜਿਹੇ ਵਰਤਾਰਿਆਂ ਬਾਰੇ ਜਵਾਬ ਅੱਜ ਦੇ ਸਿਆਸਤਦਾਨਾਂ ਤੋਂ ਸਹਿਜੇ ਕੀਤਿਆਂ ਇਸ ਲਈ ਦਿੱਤਾ ਨਹੀਂ ਜਾਣਾ ਕਿਉਂਕਿ ਇਸ ਦਾ ਸਬੰਧ ਨੀਅਤ ਨਾਲ ਹੈ, ਜਿਸ ਦਿਨ ਸਿਆਸਤਦਾਨਾਂ ਦੀ ਨੀਅਤ ਚੰਗੀ ਹੋ ਜਾਏਗੀ, ਉਸ ਦਿਨ ਅਜਿਹੇ ਦੁਖਾਂਤ ਵਾਪਰਨੇ ਵੀ ਬੰਦ ਹੋ ਜਾਣਗੇ। ਮੁੱਖ ਮਸਲਾ ਤਾਂ ਅੱਜ ਦੇ ਉਨ੍ਹਾਂ ਕਿਸਮਤ ਘਾੜਿਆਂ ਦਾ ਹੈ, ਜਿਨ੍ਹਾਂ ਨੇ ਆਮ ਲੋਕਾਂ ਦੀ ਕਿਸਮਤ ਨੂੰ ਘੜਨਾ ਹੈ।

04.08.2020

ਅਜੀਤ

1. ਪੈਰੇ ਮੁਤਾਬਿਕ ਜ਼ਹਿਰੀਲੀ ਸ਼ਰਾਬ ਦੇ ਧੰਦੇ ਨੂੰ ਖਤਮ ਕਰਨ ਦਾ ਸਬ ਤੋਂ ਲੋੜੀਂਦਾ  ਕੀ ਹੈ ?

a. ਲੋਕਾਂ ਵਿਚ ਜਾਗਰੂਕਤਾ ਆਉਣਾ

b. ਪੁਲਿਸ ਦਾ ਮੁਸਤੈਦ ਹੋਣਾ

c. ਸਿਆਸਤਦਾਨਾਂ ਦਾ ਪ੍ਰਭਾਵ ਘਟਨਾ

d. ਸਿਆਸਤਦਾਨਾਂ ਦੀ ਨੀਯਤ ਵਿਚ ਫਰਕ ਪੈਣਾ

2. ਕਿਸ ਪੱਧਰ ‘ਤੇ ਪੁਲਿਸ ਅਧਿਕਾਰੀ ਸਿਆਸਤਦiਨਾਂ ਦੀ ਸਿਫਾਰਿਸ਼ ਤੇ ਹੀ ਲੱਗਦੇ ਹਨ ?

a. ਜ਼ਿਲਾ ਪੱਧਰ ਤੇ

b. ਹੇਠਲੇ ਪੱਥਰ ਤੇ

c. ਦੋਵੇਂ ਪੱਥਰ ਤੇ

d. ਦੋਨਾਂ ਵਿਚੋਂ ਕੋਈ ਨਹੀਂ

3. ਪੈਰੇ ਵਿਚ ਕਿੰਨ੍ਹ ਦੀ ਗੰਢ-ਤੁੱਪ ਬਾਰੇ ਕਿਹਾ ਗਿਆ ਹੈ ?

1. ਆਮ ਲੋਕ

2. ਸਿਆਸਤਦਾਨ

3. ਆਬਕਾਰੀ ਵਿਭਾਗ

4. ਪੁਲਿਸ

a. 1 , 2 ਅਤੇ 3

b. 2 , 3 ਅਤੇ 4

c. 1 , 2  ਅਤੇ 4

d. ਉਪਰ ਦਿੱਤੇ ਸਾਰੇ

 

5. ਪੈਰੇ ਮੁਤਾਬਿਕ ਕਿਹੜੇ ਵਾਕ ਸਹੀ ਹਨ ?

1. ਜ਼ਹਿਰੀਲੀ ਸ਼ਰਾਬ ਦੀ ਘਟਨਾ ਸਿਰਫ ਮਾਝੇ ਜ਼ਿਲੇ ਵਿਚ ਵਾਪਰੀ ਹੈ

2. ਜ਼ਹਿਰੀਲੀ ਸ਼ਰਾਬ ਸਸਤੀ ਹੁੰਦੀ ਹੈ

3. ਜ਼ਹਿਰੀਲੀ ਸ਼ਰਾਬ ਨਾਲ ਲੀਵਰ ਖ਼ਰਾਬ ਹੋ ਸਕਦਾ ਹੈ

4. ਜ਼ਹਿਰੀਲੀ ਸ਼ਰਾਬ ਪੀਣਾ ਇਕ ਤੰਗੀ-ਤੁਰਸ਼ੀ ਹੈ

a. 1 , 2 ਅਤੇ 3

b. 1 , 3 ਅਤੇ 4

c. 1 , 2  ਅਤੇ 4

d. ਉਪਰ ਦਿੱਤੇ ਸਾਰੇ

E-CITY
Tel: +91-98885-00697
Tel: +91-82849-24324
Tel: +91-94160-23215
E-mail: educitykhn@gmail.com